ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੂਬੇ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਕਾਨੂੰਨੀ ਸੇਵਾਵਾਂ ਅਤੇ ਸਹੂਲਤਾਂ ਬਾਰੇ ਜਾਗਰੂਕਤਾ ਫੈਲਾਉਣ ਲਈ 2 ਅਕਤੂਬਰ ਤੋਂ 14 ਨਵੰਬਰ, 2021 ਤੱਕ ਜਾਗਰੂਕਤਾ ਅਤੇ ਆਊਟਰੀਚ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਾਜ ਦੇ ਹਰ ਖੇਤਰ ਵਿੱਚ ਕਾਨੂੰਨੀ ਸੇਵਾਵਾਂ ਸੰਸਥਾਵਾਂ ਦੀ ਮੌਜੂਦਗੀ ਦਰਸਾਈ ਜਾ ਸਕੇ ਅਤੇ ਲੋੜ ਪੈਣ ’ਤੇ ਇਨਾਂ ਸੰਸਥਾਵਾਂ ਤੋਂ ਲਾਭ ਵੀ ਲਿਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਅਤੇ ਸੈਸ਼ਨਜ ਜੱਜ-ਕਮ-ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਰੁਣ ਗੁਪਤਾ ਨੇ ਅੱਜ ਇੱਥੇ ਦੱਸਿਆ ਕਿ 6 ਹਫਤਿਆਂ ਦੀ ਇਸ ਮੁਹਿੰਮ ਦੌਰਾਨ, ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਦੇ ਹਰੇਕ ਪਿੰਡ ਤੱਕ ਪਹੁੰਚ ਕਰੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੂਬੇ ਦੇ ਹਰ ਕੋਨੇ ਕਾਨੂੰਨੀ ਸੇਵਾਵਾਂ ਸੰਸਥਾਵਾਂ ਦੀ ਮੌਜੂਦਗੀ ਅਤੇ ਆਸਾਨ ਪਹੁੰਚ ਉਪਲਬਧ ਹੋਵੇ। ਉਨਾਂ ਕਿਹਾ ਕਿ ਲੀਗਲ ਏਡ ਵਲੰਟੀਅਰਾਂ ਵੱਲੋਂ ਰਾਸ਼ਟਰਪਿਤਾ ਸ੍ਰੀ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ‘ਪ੍ਰਭਾਤ ਫੇਰੀ’ ਕੱਢੀ ਜਾਵੇਗੀ। ਉਨਾਂ ਕਿਹਾ ਕਿ ਇਹ ਮੁਹਿੰਮ ਸਿੱਖਿਆ ਰਾਹੀਂ ਲੋਕਾਂ, ਖਾਸਕਰ ਪੇਂਡੂ, ਕਬਾਇਲੀ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਸੰਸਥਾਵਾਂ ਦੇ ਕੰਮਕਾਜ, ਮੁਫਤ ਕਾਨੂੰਨੀ ਸੇਵਾਵਾਂ ਦੀ ਉਪਲਬਧਤਾ, ਲੋਕਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਸੰਵਿਧਾਨ ਅਧੀਨ ਗਾਰੰਟੀਸ਼ੁਦਾ ਹੱਕਾਂ ਅਤੇ ਹੋਰ ਭਲਾਈ ਕਾਨੂੰਨਾਂ ਬਾਰੇ ਲੋਕਾਂ ਜਾਗਰੂਕਤਾ ਪ੍ਰਦਾਨ ਕਰੇਗੀ।
ਉਨਾਂ ਦੱਸਿਆ ਕਿ ਭਾਰਤ ਦੇ ਮਾਣਯੋਗ ਚੀਫ ਜਸਟਿਸ ਅਤੇ ਮੁੱਖ ਸਰਪ੍ਰਸਤ ਨਾਲਸਾ ਮਾਣਯੋਗ ਜਸਟਿਸ ਸ੍ਰੀ ਐਨ.ਵੀ. ਰਮੰਨਾ ਅਤੇ ਮਾਣਯੋਗ ਕਾਰਜਕਾਰੀ ਚੇਅਰਮੈਨ ਜਸਟਿਸ ਸ੍ਰੀ ਯੂ.ਯੂ. ਲਲਿਤ ਦੀ ਦੂਰਦਰਸੀ ਅਗਵਾਈ ਹੇਠ ਰਾਸਟਰੀ ਕਾਨੂੰਨੀ ਸੇਵਾਵਾਂ ਅਥਾਰਟੀ (ਨਾਲਸਾ) ਵੱਲੋਂ 2 ਅਕਤੂਬਰ, 2021 ਤੋਂ 14 ਨਵੰਬਰ, 2021 ਤੱਕ ਦੇਸ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਪੂਰੇ ਭਾਰਤ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੰਕਲਪ ਉਲੀਕਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਰਾਸਟਰੀ ਸਮਾਗਮ ਵਿੱਚ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸੇ ਸਾਲ ਭਾਰਤ ਆਜਾਦੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨ ਨੂੰ “ਅਜਾਦੀ ਕਾ ਅੰਮਿ੍ਰਤ ਮਹਾਂ ਉਤਸਵ“ ਵਜੋਂ ਮਨਾ ਰਿਹਾ ਹੈ ਜਦਕਿ ਨਾਲਸਾ ਆਪਣੀ ਸਥਾਪਨਾ ਦਾ 25ਵਾਂ ਸਾਲ ਮਨਾ ਰਿਹਾ ਹੈ।
ਮੈਂਬਰ ਸਕੱਤਰ ਨੇ ਦੱਸਿਆ ਕਿ ਭਾਰਤ ਦੇ ਰਾਸਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਇਸ ਮੌਕੇ ਮੁੱਖ ਮਹਿਮਾਨ ਵਜੋਂ ਸੁਭਕਾਮਨਾਵਾਂ ਦੇਣਗੇ ਅਤੇ 45 ਦਿਨਾਂ ਦੀ ਇਸ ਮੁਹਿੰਮ ਦੀ ਸੁਰੂਆਤ ਕਰਨਗੇ। ਉਨਾਂ ਦੱਸਿਆ ਕਿ ਇਸ ਕੌਮੀ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਨਾਲਸਾ ਦੇ ਯੂਟਿਊਬ ਚੈਨਲ ਅਤੇ ਡੀ.ਡੀ. ਨੈਸਨਲ, ਡੀ.ਡੀ. ਨਿਊਜ ਸਣੇ ਹੋਰ ਚੈਨਲਾਂ ‘ਤੇ ਵੀ ਵਿਖਾਇਆ ਜਾਵੇਗਾ।